ਸੋਹਨ ਸਿੰਘ ਜੋਸ਼ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੋਹਨ ਸਿੰਘ ਜੋਸ਼ (1898-1982) : ਪਹਿਲਾਂ ਅਕਾਲੀ ਸੀ ਜੋ ਪਿੱਛੋਂ ਕਮਿਊਨਿਸਟ ਬਣ ਗਿਆ ਸੀ। ਇਸ ਦਾ ਜਨਮ ਅੰਮ੍ਰਿਤਸਰ ਜ਼ਿਲੇ ਵਿਚ ਚੇਤਨਪੁਰਾ ਪਿੰਡ ਵਿਖੇ 22 ਸਤੰਬਰ 1898 ਨੂੰ ਹੋਇਆ ਸੀ। ਇਸ ਦੇ ਪਿਤਾ ਦਾ ਨਾਂ ਲਾਲ ਸਿੰਘ ਸੀ। ਸੋਹਨ ਸਿੰਘ ਥੋੜੀ ਦੇਰੀ ਨਾਲ ਹੀ ਸਕੂਲੇ ਪੜ੍ਹਨੇ ਪਿਆ ਅਤੇ ਇਸ ਨੇ ਚਰਚ ਮਿਸ਼ਨ ਸਕੂਲ, ਮਜੀਠਾ ਤੋਂ ਮਿਡਲ ਪਾਸ ਕੀਤਾ। ਅੰਮ੍ਰਿਤਸਰ ਡੀ.ਏ.ਵੀ. ਸਕੂਲ ਤੋਂ ਦਸਵੀਂ ਪਾਸ ਕੀਤੀ ਅਤੇ ਫਿਰ ਇਸ ਨੇ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਚ ਦਾਖ਼ਲਾ ਲੈ ਲਿਆ ਜਿਹੜਾ ਇਸ ਨੂੰ ਮਾਇਕ ਤੰਗੀ ਕਰਕੇ ਛੱਡਣਾ ਪਿਆ। ਨੌਕਰੀ ਦੀ ਭਾਲ ਇਸ ਨੂੰ ਹੁਬਲੀ ਅਤੇ ਬਾਅਦ ਵਿਚ ਮੁੰਬਈ ਲੈ ਗਈ ਜਿਥੇ ਇਸ ਨੂੰ ਥੋੜੇ ਸਮੇਂ ਲਈ ਗੁਰਮੁਖੀ ਲਿਪੀ ਵਿਚ ਆਈਆਂ ਚਿੱਠੀਆਂ ਨੂੰ ਸੈਂਸਰ ਕਰਨ ਦਾ ਕੰਮ ਮਿਲਿਆ। ਇਹ ਇਕ ਗੁਰਦੁਆਰੇ ਵਿਚ ਰਹਿੰਦਾ ਸੀ ਜਿਸ ਦਾ ਇਹ ਸਕੱਤਰ ਬਣ ਗਿਆ ਸੀ। 1918 ਵਿਚ ਇਹ ਆਪਣੇ ਜੱਦੀ ਪਿੰਡ ਵਾਪਸ ਆ ਕੇ ਸਕੂਲ ਅਧਿਆਪਕ ਬਣ ਗਿਆ। ਸੋਹਨ ਸਿੰਘ ਨੇ ਹੁਣ ਆਪਣੇ ਨਾਂ ਨਾਲ ‘ਜੋਸ਼` ਲਕਬ ਲਗਾ ਲਿਆ ਸੀ ਜਿਸਦਾ ਅਰਥ ਜੋਸ਼ੀਲਾ ਹੁੰਦਾ ਹੈ ਅਤੇ ਇਹ ਸਿੱਖ ਗੁਰਦੁਆਰਿਆਂ ਨੂੰ ਦੁਰਾਚਾਰੀ ਪੁਜਾਰੀਆਂ ਤੋਂ ਮੁਕਤ ਕਰਵਾਉਣ ਲਈ ਅਰੰਭ ਕੀਤੀ ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਾਮਲ ਹੋ ਗਿਆ। 1922 ਵਿਚ, ਇਸ ਨੂੰ ਬ੍ਰਿਟਿਸ਼ ਵਿਰੋਧੀ ਸਰਗਰਮੀਆਂ ਲਈ ਗ੍ਰਿਫ਼ਤਾਰ ਕਰਕੇ ਇਕ ਸਾਲ ਲਈ ਕੈਦ ਕਰ ਦਿੱਤਾ ਗਿਆ। ਮਾਰਚ 1923 ਵਿਚ, ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਬਣਾਇਆ ਗਿਆ। ਕਿਉਂਕਿ ਇਹ ਸੰਸਥਾਵਾਂ ਅਕਤੂਬਰ 1923 ਵਿਚ ਗੈਰ ਕਾਨੂੰਨੀ ਐਲਾਨੀਆਂ ਗਈਆਂ ਸਨ ਇਸ ਲਈ ਇਸ ਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਸਿੱਖ ਗੁਰਦੁਆਰਾ ਐਕਟ ਦੇ ਸਤੰਬਰ 1926 ਵਿਚ ਲਾਗੂ ਹੋਣ ਉਪਰੰਤ ਹੀ ਰਿਹਾ ਕੀਤਾ ਗਿਆ। ਇਸ ਐਕਟ ਤਹਿਤ ਸਿੱਖ ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਵਿਧਾਨਿਕ ਰੂਪ ਵਿਚ ਇਕ ਚੁਣੀ ਹੋਈ ਸੰਸਥਾ ਦੇ ਹੱਥਾਂ ਵਿਚ ਦਿੱਤਾ ਜਾਣਾ ਸੀ। ਹੁਣ ਇਸ ਦੀ ਵਿਚਾਰਧਾਰਾ ਜਿਆਦਾ ਉਗਰ ਰੂਪ ਵਿਚ ਸੁਧਾਰਵਾਦੀ ਹੋ ਗਈ। ਅਪ੍ਰੈਲ 1928 ਵਿਚ, ਇਸ ਨੇ ਕਿਰਤੀ ਕਿਸਾਨ ਪਾਰਟੀ ਸਥਾਪਿਤ ਕਰਨ ਵਿਚ ਸਰਗਰਮ ਹਿੱਸਾ ਲਿਆ ਅਤੇ ਦਸੰਬਰ 1928 ਵਿਚ, ਇਸ ਨੇ ਕਲਕੱਤੇ ਵਿਖੇ ਹੋਈ ‘ਆਲ ਇੰਡੀਆ ਵਰਕਰਜ਼ ਅਤੇ ਪੀਜੈਂਟ ਕਾਨਫਰੰਸ` ਦੀ ਪ੍ਰਧਾਨਗੀ ਕੀਤੀ। ਇਸੇ ਸਮੇਂ ਹੀ ਇਸਨੇ ਭਗਤ ਸਿੰਘ ਅਤੇ ਉਸਦੇ ਮਿੱਤਰਾਂ ਦੁਆਰਾ ਸਥਾਪਿਤ ‘ਨੌਜਵਾਨ ਭਾਰਤ ਸਭਾ` ਲਈ ਕੰਮ ਕੀਤਾ। ਫਰਵਰੀ 1929 ਵਿਚ, ਇਹ ਇਸ ਦਾ ਪ੍ਰਧਾਨ ਚੁਣਿਆ ਗਿਆ। ਇਹ ਸਾਰੀਆਂ ਕ੍ਰਾਂਤੀਕਾਰੀ ਸਰਗਰਮੀਆਂ ਵਿਚ ਸਹਿਭਾਗੀ ਸੀ ਇਸ ਲਈ ਇਸ ਨੂੰ ਮਾਰਚ 1929 ਵਿਚ, ਮੇਰਠ ਸਾਜ਼ਸ਼ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਹ ਪੰਜ ਸਾਲ ਜੇਲ ਵਿਚ ਰਿਹਾ। ਇਹ ਪੰਜਾਬ ਵਿਚ ਕਮਿਊਨਿਸਟ ਲਹਿਰ ਦੇ ਮੋਢੀਆਂ ਵਿਚੋਂ ਸੀ ਅਤੇ ਇਹ ਪਾਰਟੀ ਦਾ ਪਹਿਲਾ ਮੈਂਬਰ ਸੀ ਜਿਹੜਾ ਪੰਜਾਬ ਵਿਧਾਨ ਸਭਾ ਲਈ 1937 ਵਿਚਲੀਆਂ ਚੋਣਾਂ ਵਿਚ ਕਾਂਗਰਸ ਨਾਮਜ਼ਦਗੀ ਤੇ ਚੁਣਿਆ ਗਿਆ। 1938 ਵਿਚ, ਇਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਬਣ ਗਿਆ। ਦੂਜੀ ਵਿਸ਼ਵ ਜੰਗ ਸਮੇਂ ਇਸ ਨੂੰ ਇਕ ‘ਸਕਿਉਰਿਟੀ ਕੈਦੀ` ਦੇ ਤੌਰ ਤੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੋ ਸਾਲਾਂ ਲਈ ਜੂਨ 1940 ਤੋਂ 1 ਮਈ 1942 ਤਕ ਇਹ ਜੇਲ ਵਿਚ ਰਿਹਾ। ਦੂਸਰੀ ਵਾਰੀ ਇਹ ਜੇਲ ਵਿਚ ਉਦੋਂ ਗਿਆ ਜਦੋਂ ਕਮਿਊਨਿਸਟ ਪਾਰਟੀ ਨੂੰ ਅਜ਼ਾਦੀ ਤੋਂ ਬਾਅਦ 1948 ਵਿਚ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਗਿਆ। 1951 ਵਿਚ, ਇਸ ਨੂੰ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੀ ਕੇਂਦਰੀ ਕਾਰਜਕਾਰਨੀ ਦਾ ਮੈਂਬਰ ਚੁਣਿਆ ਗਿਆ। 1971 ਤੋਂ 1975 ਤਕ ਇਹ ਪਾਰਟੀ ਦੀ ਕੇਂਦਰੀ ਕੰਟਰੋਲ ਕਮੇਟੀ ਦਾ ਚੇਅਰਮੈਨ ਰਿਹਾ।

    ਸੋਹਨ ਸਿੰਘ ਜੋਸ਼ ਨੇ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਵਿਚ ਲਿਖਿਆ। ਇਸ ਦਾ ਲਿਖਣ ਦਾ ਜੀਵਨ ਉਦੋਂ ਅਰੰਭ ਹੋਇਆ ਜਦੋਂ ਇਹ ਇਕ ਵਿਦਰੋਹੀ ਅਖ਼ਬਾਰ ਅਕਾਲੀ ਨਾਲ ਜੁੜ ਗਿਆ ਜਿਹੜਾ ਮਈ 1920 ਵਿਚ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੇ ਸ਼ੁਰੂ ਕੀਤਾ ਸੀ। 1925 ਵਿਚ ਇਹ ਮਾਸਕੋ ਤੋਂ ਸਿੱਖੇ ਹੋਏ ਕਮਿਊਨਿਸਟ ਨੇਤਾ ਭਾਈ ਸੰਤੋਖ ਸਿੰਘ ਨਾਲ ਮਾਸਿਕ ਕਿਰਤੀ ਕਢਣ ਲਈ ਮਿਲ ਗਿਆ। ਇਸ ਦੇ ਲੇਖ ਆਮ ਤੌਰ ਤੇ ਰੁਕਨ ਉਦ-ਦੀਨ ਅਤੇ ਸਵਤੰਤਰ ਸਿੰਘ ਨਾਵਾਂ ਹੇਠ ਛਪਦੇ ਸਨ। ਪਿਛਲੇ ਸਾਲਾਂ ਵਿਚ ਇਸ ਨੇ ਕਮਿਊਨਿਸਟ ਅਖ਼ਬਾਰ ਜੰਗ ਇ-ਅਜ਼ਾਦੀ ਅਤੇ ਰੋਜ਼ਾਨਾ ਨਵਾਂ ਜਮਾਨਾ ਦਾ ਸੰਪਾਦਨ ਕੀਤਾ। ਇਸ ਦੀਆਂ ਪੰਜਾਬੀ ਵਿਚ ਪੁਸਤਕਾਂ ਬੰਗਾਲੀ ਸਾਹਿਤ ਦੀ ਵੰਨਗੀ (ਬੰਗਾਲੀ ਸਾਹਿਤ ਦੀਆਂ ਚੋਣਵੀਆਂ ਰਚਨਾਵਾਂ), ਅਨੁਵਾਦ, 1934 ਵਿਚ; ਰੁੱਤ ਨਵਿਆਂ ਦੀ ਆਈ, ਕਵਿਤਾਵਾਂ ਦੀ ਇਕ ਕਿਤਾਬ 1955 ਵਿਚ ਮੇਰੀ ਰੂਸ ਯਾਤਰਾ , 1958;ਪੰਜਾਬੀ ਬੋਲੀ ਤੇ ਭਾਸ਼ਾ ਵਿਗਿਆਨ 1969; ਇਕ ਇਨਕਲਾਬ ਇਕ ਜੀਵਨੀ 1969; ਅਕਾਲੀ ਮੋਰਚਿਆਂ ਦਾ ਇਤਿਹਾਸ 1972; ਕਾਮਾਗਾਟਾ ਮਾਰੂ ਦਾ ਦੁਖਾਂਤ 1976; ਭਗਤ ਸਿਘ ਨਾਲ ਮੇਰੀਆਂ ਮੁਲਾਕਾਤਾਂ 1977; ਏ ਹਿਸਟਰੀ ਆਫ਼ ਦੀ ਹਿੰਦੁਸਤਾਨ ਗਦਰ ਪਾਰਟੀ ਦੋ ਹਿੱਸਿਆਂ ਵਿਚ (ਅੰਗਰੇਜ਼ੀ) 1977-78 ਵਿਚ ਛਪੀ ਸੀ। ਇਸ ਨੇ ਇਕ ਅਧੂਰੀ ਸਵੈ ਜੀਵਨੀ ਵੀ ਲਿਖੀ ਹੈ ਅਤੇ ਦੋ ਨਾਵਲ ਅਤੇ ਇਸ ਦੀਆਂ ਕੁਝ ਕਹਾਣੀਆਂ ਅਜੇ ਅਣਛਪੀਆਂ ਪਈਆਂ ਹਨ।

    ਸੋਹਨ ਸਿੰਘ ਜੋਸ਼ 29 ਜੁਲਾਈ 1982 ਨੂੰ ਅੰਮ੍ਰਿਤਸਰ ਵਿਖੇ ਚਲਾਣਾ ਕਰ ਗਿਆ।


ਲੇਖਕ : ਸ.ਸ.ਸੇ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.